Home » ਨਿਊਜ਼ੀਲੈਂਡ ਵਿੱਚ ਘਰਾਂ ਬਾਰੇ ਸਰਕਾਰ ਦੀ ਨਵੀਂ ਪਾਲਿਸੀ
Articules Home Page News LIFE

ਨਿਊਜ਼ੀਲੈਂਡ ਵਿੱਚ ਘਰਾਂ ਬਾਰੇ ਸਰਕਾਰ ਦੀ ਨਵੀਂ ਪਾਲਿਸੀ

Spread the news

3 ਘਰ 3 ਸਟੋਰੀ ਬਿਨਾਂ ਰਿਸੋਰਸ ਕਾਨਸੇਂਟ ਤੋਂ *

-ਆਪਣੇ ਤਜਰਬੇ ਦੇ ਅਧਾਰ ਤੇ
ਪਿਛਲੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਲਗਾਤਾਰ ਵਧੀ ਜਾ ਰਹੀਆਂ ਹਨ l ਘਰਾਂ ਦੀ ਕੀਮਤ ਵਧਣ ਦੇ ਅਨੇਕ ਕਾਰਨ ਹੁੰਦੇ ਹਨ l


ਜਦੋਂ ਕੋਈ ਵੀ ਆਪਣਾ ਮੁਲਕ ਛੱਡ ਕੇ ਨਿਊਜ਼ੀਲੈਂਡ ਵਸਦਾ ਹੈ ਤਾਂ ਸਭ ਤੋਂ ਵੱਡੀ ਇਨਵੈਸਟਮੈਂਟ ਉਸ ਵਾਸਤੇ ਪੱਕੇ ਹੋਣ ਤੋਂ ਬਾਦ ਘਰ ਖਰੀਦਣ ਦੀ ਹੁੰਦੀ ਹੈ l


ਇਸ ਦੇ ਨਾਲ ਨਾਲ ਇਥੇ ਪਹਿਲਾਂ ਹੀ ਰਹਿ ਰਹੇ ਵਸ਼ਿੰਦਿਆਂ ਨੂੰ ਵੀ ਰਹਿਣ ਲਈ ਘਰ ਖਰੀਦਣ ਦੀ ਲੋੜ ਹੁੰਦੀ ਹੈ l ਨਿਊਜ਼ੀਲੈਂਡ ਦੇ ਕਲਚਰ ਵਿੱਚ ਬਹੁਤੇ ਬੱਚੇ 20 ਜਾਂ 22 ਸਾਲ ਦੀ ਉਮਰ ਵਿੱਚ ਵੱਖਰਾ ਰਹਿਣਾ ਪਸੰਦ ਕਰਦੇ ਹਨ ਭਾਵ ਵੱਧ ਗਿਣਤੀ ਬੱਚੇ ਇਸ ਉਮਰ ਵਿੱਚ ਆਪਣੇ ਮਾਂ ਬਾਪ ਤੋਂ ਵੱਖ ਹੋ ਜਾਂਦੇ ਹਨ l ਮਾਂ ਬਾਪ ਵੀ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਧੀਆਂ ਪੁੱਤ ਆਪਣੀ ਰਿਹਾਇਸ਼ ਦਾ ਵੱਖਰਾ ਇੰਤਜ਼ਾਮ ਕਰਨ l


ਮੋਟੇ ਤੌਰ ਤੇ ਘਰਾਂ ਦੀ ਮਹਿੰਗਾਈ ਦਾ ਕਾਰਨ ਸਪਲਾਈ ਅਤੇ ਡਿਮਾਂਡ ਹੈ l ਬਹੁਤ ਸਾਲਾਂ ਤੋਂ ਅਬਾਦੀ ਦੇ ਹਿਸਾਬ ਨਾਲ ਨਵੇਂ ਘਰ ਨਹੀਂ ਬਣਾਏ ਗਏ ਜਿਸ ਨਾਲ ਘਰ ਖਰੀਦਣ ਵਾਲਿਆਂ ਦੀ ਗਿਣਤੀ ਵਧੀ ਅਤੇ ਘਰ ਵੇਚਣ ਵਾਲਿਆਂ ਦੀ ਗਿਣਤੀ ਘਟੀ l ਜਿਸ ਕਾਰਨ ਲੋਕ ਵੱਧ ਤੋਂ ਵੱਧ ਪੈਸੇ ਖਰਚ ਕੇ ਘਰ ਖਰੀਦਣ ਲੱਗੇ l ਘਰਾਂ ਦੇ ਮਹਿੰਗੇ ਹੋਣ ਦਾ ਇੱਕ ਹੋਰ ਵੱਡਾ ਕਾਰਨ ਮੁਲਕਾਂ ਵਿੱਚ ਲੌਕ ਡੌਨ ਲਾਗੂ ਹੋਣਾ ਹੈ l ਘਰਾਂ ਵਿੱਚ ਵਰਤਿਆ ਜਾਣ ਵਾਲਾ ਸਮਾਨ ਵਿਦੇਸ਼ਾਂ ਵਿੱਚੋਂ ਵੀ ਆਉਂਦਾ ਹੈ l ਇਸ ਦੀ ਵਜ੍ਹਾ ਕਰਕੇ ਬਿਲਡਿੰਗ ਮਟੀਰੀਅਲ ਵਿੱਚ ਇੱਕ ਸਾਲ ਵਿੱਚ 30% ਤੋਂ ਵੱਧ ਵਾਧਾ ਹੋਇਆ ਜੋ ਅਜੇ ਵੀ ਜਾਰੀ ਹੈ l ਕਈ ਚੀਜ਼ਾਂ ਦੁੱਗਣੇ ਭਾਅ ਮਿਲਣ ਲੱਗੀਆਂ l ਵੱਧ ਪੈਸੇ ਦੇ ਕੇ ਵੀ ਮਟੀਰੀਅਲ ਦਾ ਨਾ ਮਿਲਣਾ ਅਤੇ ਲੇਬਰ ਰੇਟ ਵਧਣਾ ਵੀ ਇੱਕ ਕਾਰਨ ਹੈ l


ਘਰਾਂ ਦੀਆਂ ਕੀਮਤਾਂ ਵਧਣ ਕਰਕੇ ਬਹੁਤ ਸਮੇਂ ਤੋਂ ਸਰਕਾਰ ਵਲੋਂ ਇਨਵੈਸਟਰਾਂ ਉੱਪਰ ਇਲਜ਼ਾਮ ਲਗਾਇਆ ਜਾਂਦਾ ਰਿਹਾ ਹੈ ਕਿ ਇਹ ਘਰ ਖਰੀਦ ਖਰੀਦ ਕੇ ਘਰਾਂ ਨੂੰ ਮਹਿੰਗੇ ਕਰ ਰਹੇ ਹਨ l ਇਨਵੈਸਟਰਾਂ ਵਲੋਂ ਸਰਕਾਰ ਦੀਆਂ ਪਾਲਸੀਆਂ ਨੁੰ ਕਸੂਰਵਾਰ ਠਹਿਰਾਇਆ ਗਿਆ l ਸਚਾਈ ਇਹ ਹੈ ਕਿ ਇਲਜ਼ਾਮ ਲਗਾਉਣ ਨਾਲ ਮਸਲਾ ਹੱਲ ਨਹੀਂ ਹੁੰਦਾ l
ਲੇਬਰ ਸਰਕਾਰ ਵਲੋਂ ਘਰਾਂ ਦੀ ਮਹਿੰਗਾਈ ਘੱਟ ਕਰਨ ਦੀ ਕੋਸ਼ਿਸ਼ ਵਿੱਚ ਵੱਖ ਵੱਖ ਪਾਲਸੀਆਂ ਲਿਆਂਦੀਆਂ ਗਈਆਂ ਜਿਨਾਂ ਵਿੱਚੋਂ ਕੁੱਝ ਬੁਰੀ ਤਰਾਂ ਫੇਲ੍ਹ ਹੋਈਆਂ ਅਤੇ ਕੁੱਝ ਵਿੱਚ ਵਿਚਾਲੇ ਲਟਕ ਰਹੀਆਂ ਹਨ l ਇਸ ਫੇਲੀਅਰ ਵਿੱਚ ਕੀਵੀ ਬਿਲਡ ਸਕੀਮ ਦਾ ਫੇਲ੍ਹ ਹੋਣਾ ਮੁੱਖ ਤੌਰ ਤੇ ਜਾਣਿਆ ਜਾਂਦਾ ਹੈ l


ਮੁੱਖ ਵਿਰੋਧੀ ਧਿਰ ਨੈਸ਼ਨਲ ਵੀ ਮੌਜੂਦਾ ਲੇਬਰ ਸਰਕਾਰ ਦੀਆਂ ਪਾਲਸੀਆਂ ਨੁੰ ਜਿੰਮੇਵਾਰ ਠਹਿਰਾਉਂਦੀ ਰਹੀ l ਇਸ ਤੋਂ ਇਲਾਵਾ ਇਸ ਮੁੱਦੇ ਬਾਰੇ ਥੋੜ੍ਹਾ ਗਿਆਨ ਰੱਖਣ ਵਾਲੇ ਵੀ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਰਹੇ l ਮੀਡੀਆ ਵੀ ਆਪੋ ਆਪਣੀ ਸੋਚ ਮੁਤਾਬਕ ਆਪਣੀ ਰਾਏ ਪੇਸ਼ ਕਰਦਾ ਰਿਹਾ l


ਇੱਕ ਕਹਾਵਤ ਹੈ ਕਿ ‘ਸ਼ਰੀਕਾਂ ਦਾ ਕਿਹਾ ਸਿਰ ਮੱਥੇ ਤੇ ਪਰ ਪਰਨਾਲਾ ਉਥੇ ਦਾ ਉਥੇ’ l ਭਾਵ ਏਨਾ ਕੁੱਝ ਹੋਣ ਦੇ ਬਾਵਯੂਦ ਆਮ ਵਿਅਕਤੀ ਨੁੰ ਕੋਈ ਸੁਖ ਦਾ ਸਾਹ ਨਹੀਂ ਆਇਆ l ਜਦੋਂ ਵੀ ਕੋਈ ਨਵੀਂ ਘਰਾਂ ਦੀ ਪਾਲਿਸੀ ਆਉਂਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਪਹਿਲਾ ਘਰ ਖਰੀਦਣਾ ਇਸ ਨਾਲ ਸੌਖਾ ਹੋ ਜਾਵੇਗਾ l ਹਰ ਵਾਰ ਇਹ ਹੋ ਨਹੀਂ ਪਾਉਂਦਾ l
ਥੋੜ੍ਹੇ ਦਿਨ ਪਹਿਲਾਂ ਲੇਬਰ ਸਰਕਾਰ ਅਤੇ ਮੁੱਖ ਵਿਰੋਧੀ ਧਿਰ ਨੈਸ਼ਨਲ ਨੇ ਇੱਕ ਘਰਾਂ ਦੀ ਪਾਲਿਸੀ ਲਿਆਂਦੀ ਹੈ ਜਿਸ ਨਾਲ ਇੱਕ ਟਾਈਟਲ ਤੇ 3 ਸਟੋਰੀ ਦੇ 3 ਘਰ ਬਣ ਸਕਣਗੇ ਅਤੇ ਰਿਸੋਰਸ ਕੰਨਸੇਂਟ ਦੀ ਲੋੜ ਨਹੀਂ ਪਵੇਗੀ l ਇਸ ਦਾ ਫਾਇਦਾ ਇਹ ਦੱਸਿਆ ਜਾ ਰਿਹਾ ਹੈ ਕਿ ਰਿਸੋਰਸ ਕੰਨਸੇਂਟ ਦਾ ਖਰਚਾ ਬਚੇਗਾ ਅਤੇ ਸਮਾਂ ਵੀ ਬਚੇਗਾ, ਘਰ ਤੇਜ਼ੀ ਨਾਲ ਬਣਨਗੇ ਅਤੇ ਘਰਾਂ ਥੱਲੇ ਜ਼ਮੀਨ ਘੱਟ ਹੋਣ ਕਾਰਨ ਇਹ ਘਰ ਸਸਤੇ ਹੋਣਗੇ l ਇਥੇ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਮੈਂ ਨਹੀਂ ਕਹਿ ਰਿਹਾ l ਇਸ ਦੀ ਦੋਨਾਂ ਪਾਰਟੀਆਂ ਨੁੰ ਆਸ ਹੈ l


ਇਸ ਮੁਤਾਬਕ ਰੀਸੋਰਸ ਕੰਨਸੇਂਟ ਦੇ ਪੈਸੇ ਜਰੂਰ ਬਚਣਗੇ ਪਰ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਜੇ ਇੱਕ ਮੰਜਲੀ ਘਰ ਬਣਦਾ ਹੈ ਤਾਂ ਉਹ ਸਸਤਾ ਬਣਦਾ ਹੈ l ਜਦੋਂ ਉਸੇ ਘਰ ਨੂੰ ਤਿੰਨ ਮੰਜਲੀ ਕਰ ਦਿੱਤਾ ਜਾਵੇ ਤਾਂ ਉਸ ਦੀ ਕੀਮਤ 60,000 ਡਾਲਰ ਤੋਂ ਵੀ ਵੱਧ ਸਕਦੀ ਹੈ l ਮੇਰੇ ਅੰਦਾਜੇ ਮੁਤਾਬਕ ਜਿੰਨੇ ਕੁ ਪੈਸੇ ਰੀਸੋਰਸ ਕੰਨਸੇਂਟ ਨਾ ਲੈਣ ਨਾਲ ਬਚਣਗੇ ਉਸ ਦਾ ਕਾਫੀ ਹਿੱਸਾ ਜਾਂ ਉਸ ਤੋਂ ਵੀ ਵੱਧ ਘਰ ਨੂੰ ਤਿੰਨ ਮੰਜਲੀ ਕਰਨ ਵਿੱਚ ਖਰਚਿਆ ਜਾਵੇਗਾ l ਇਹ ਗੱਲ ਤੁਸੀਂ ਕਿਸੇ ਵੀ ਬਿਲਡਰ ਨੂੰ ਪੁੱਛ ਸਕਦੇ ਹੋ l


ਜਦੋਂ ਵੀ ਕੋਈ ਨਵੀਂ ਘਰਾਂ ਦੀ ਪਾਲਿਸੀ ਆਉਂਦੀ ਹੈ ਤਾਂ ਉਸ ਦੇ ਲੋਕਾਂ ਨੁੰ ਹਮੇਸ਼ਾਂ ਗੁਣ ਹੀ ਦੱਸੇ ਜਾਂਦੇ ਹਨ ਔਗੁਣ ਨਹੀਂ l ਆਮ ਵਿਅਕਤੀ ਵਾਸਤੇ ਪਾਲਿਸੀ ਦੇ ਔਗੁਣ ਵੀ ਦੇਖਣੇ ਜਰੂਰੀ ਹੁੰਦੇ ਹਨ ਕਿਉਂਕਿ ਉਸ ਵਾਸਤੇ ਇਹ ਲੱਖਾਂ ਡਾਲਰਾਂ ਦੀ ਇਨਵੈਸਟਮੈਂਟ ਹੁੰਦੀ ਹੈ l ਆਓ ਆਪਾਂ ਕੁੱਝ ਸੰਭਾਵਤ ਔਗੁਣਾਂ ਨੂੰ ਵਿਚਾਰੀਏ :-
*ਜੇਕਰ ਤੁਸੀਂ ਹੁਣੇ ਹੁਣੇ 12 ਜਾਂ 14 ਲੱਖ ਡਾਲਰ ਦਾ ਘਰ ਖਰੀਦ ਕੇ ਹਟੇ ਹੋ ਅਤੇ ਇਸ ਪਾਲਿਸੀ ਦੇ ਤਹਿਤ ਤੁਹਾਡੇ ਤਿੰਨ ਪਾਸੀਂ ਹਰ ਸੈਕਸ਼ਨ ਵਿੱਚ 3 ਸਟੋਰੀ 3 ਘਰ ਬਣ ਜਾਣਗੇ ਤਾਂ ਤੁਹਾਡੇ ਘਰ ਦਾ ਵਿਊ ਰੁਕ ਜਾਵੇਗਾ, ਤੁਹਾਡਾ ਸੋਲਰ ਪੈਨਲ ਛਾਂ ਵਿੱਚ ਆ ਜਾਵੇਗਾ, ਤੁਹਾਡਾ ਗਾਰਡਨ ਛਾਂ ਵਿੱਚ ਆ ਜਾਵੇਗਾ ਅਤੇ ਤੁਹਾਡੀਆਂ ਤਾਕੀਆਂ ਤੱਕ ਵੀ ਪਰਛਾਵਾਂ ਪੈ ਸਕਦਾ ਹੈ l ਇਸ ਬਾਰੇ ਤੁਸੀਂ ਕੁੱਝ ਨਹੀਂ ਕਰ ਸਕੋਗੇ l
*ਪਹਿਲਾਂ ਤੁਹਾਡੇ ਤਿੰਨ ਪਾਸੀਂ ਤਿੰਨ ਪਰਿਵਾਰ ਰਹਿੰਦੇ ਸੀ ਹੁਣ ਏਨੇ ਥਾਂ ਵਿੱਚ 9 ਪਰਿਵਾਰ ਰਹਿਣਗੇ ਜਿਸ ਨਾਲ ਸ਼ੋਰ ਸ਼ਰਾਬਾ, ਗੱਡੀਆਂ ਦਾ ਪਲੂਸ਼ਣ ਅਤੇ ਆਪਸੀ ਝਗੜੇ ਵੱਧ ਹੋਣ ਦੀ ਸੰਭਾਵਨਾ ਹੈ l
*ਘਰਾਂ ਦੇ ਰੀਸੋਰਸ ਕੰਨਸੇਂਟ ਦੇ ਪੈਸੇ ਭਾਵੇਂ ਬਚਣਗੇ ਪਰ ਜਦੋਂ ਤੱਕ ਇਹ ਘਰ ਬਣਨਗੇ ਉਦੋਂ ਤੱਕ ਇਨ੍ਹਾਂ ਦੀ ਕੀਮਤ ਔਕਲੈਂਡ ਸ਼ਹਿਰ ਵਿੱਚ ਕਾਫੀ ਉੱਪਰ ਹੋ ਜਾਣ ਦੀ ਆਸ ਹੈ l
*ਇਨ੍ਹਾਂ ਘਰਾਂ ਵਿੱਚ ਬੱਚਿਆਂ ਦੇ ਖੇਡਣ ਲਈ ਜ਼ਮੀਨ ਬਹੁਤ ਘੱਟ ਹੋਵੇਗੀ ਅਤੇ ਕਾਰਾਂ ਵਾਸਤੇ ਤਾਂ ਬਹੁਤ ਘੱਟ ਜਗ੍ਹਾ ਹੋਵੇਗੀ l ਬਹੁਤਿਆਂ ਦੇ ਨਾਲ ਇੱਕ ਕਾਰ ਹੀ ਖੜ੍ਹੀ ਕਰਨ ਦੀ ਜਗ੍ਹਾ ਹੋਵੇਗੀ l ਜੇ ਲੱਖਾਂ ਡਾਲਰ ਲਗਾ ਕੇ ਕਾਰਾਂ ਵੀ ਖੜ੍ਹੀਆਂ ਨਾ ਹੋਣ ਤਾਂ ਤੁਸੀਂ ਕੀ ਸੋਚੋਗੇ?
*ਕਈ ਸੜਕਾਂ ਇਸ ਤਰਾਂ ਦੀਆਂ ਹੋਣਗੀਆਂ ਜਿਥੇ ਸੜਕ ਉੱਪਰ ਵੀ ਸ਼ਾਇਦ ਕਾਰ ਪਾਰਕਿੰਗ ਨਾ ਹੋਵੇ l ਇਹੋ ਜਿਹੀਆਂ ਸੜਕਾਂ ਹੁਣ ਵੀ ਦੇਖੀਆਂ ਜਾ ਸਕਦੀਆਂ ਹਨ l
*ਜੇ ਤੁਹਾਡੇ ਤਿੰਨਾਂ ਪਾਸਿਆਂ ਤੇ ਇਹ ਘਰ ਬਣਦੇ ਹਨ ਤਾਂ ਉਸ ਦਾ ਭਾਵ ਹੈ ਕਿ ਤੁਹਾਡੇ ਗੁਆਂਢੀ ਹੁਣ 27 ਜਣਿਆਂ ਤੋਂ ਉੱਪਰ ਹੋ ਜਾਣਗੇ ਜੇਕਰ ਇੱਕ ਘਰ ਵਿੱਚ 3 ਜਣੇ ਰਹਿਣ l ਉਹ 27 ਜਣੇ ਕਿੰਨਾ ਕੁ ਸ਼ੋਰ ਮਚਾਉਣਗੇ? ਇਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ l
*ਇਸ ਦੇ ਨਾਲ ਨਾਲ ਸਕੂਲਾਂ, ਪਾਰਕਾਂ ਅਤੇ ਸੀਵਰੇਜ ਸਿਸਟਮ ਦੇ ਉੱਤੇ ਹੋਰ ਦਬਾਅ ਬਣੇਗਾ l
*ਸੜਕਾਂ ਜੋ ਮੀਂਹ ਪਏ ਤੇ ਹੁਣ ਹੀ ਹੜ੍ਹਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ l ਉਨ੍ਹਾਂ ਦੇ ਵੱਧ ਸ਼ਿਕਾਰ ਹੋਣ ਦੀ ਸੰਭਾਵਨਾ ਹੈ l
*ਐਮਰਜੇਂਸੀ ਗੱਡੀਆਂ ਜਿਵੇੰ ਫਾਇਰ ਬਰੀਗੇਡ, ਐਮਬੂਲੈਂਸ ਅਤੇ ਟੋ (tow) ਕਰਨ ਵਾਲੀਆਂ ਗੱਡੀਆਂ ਦੀ ਵੱਧ ਲੋੜ ਪਵੇਗੀ l
*ਇਸ ਪਾਲਿਸੀ ਦੇ ਨਾਲ ਜਿਨਾਂ ਲੋਕਾਂ ਕੋਲ ਪਹਿਲਾਂ ਹੀ ਪੁਰਾਣੇ ਘਰ ਹਨ ਉਨ੍ਹਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਉਹ ਇੱਕ ਘਰ ਚੁੱਕ ਕੇ ਤਿੰਨ ਘਰ ਬਣਾ ਲੈਣਗੇ, ਇਨਵੈਸਟਰ ਉਨ੍ਹਾਂ ਘਰਾਂ ਨੂੰ ਸਸਤਾ ਖਰੀਦ ਕੇ ਕਿਰਾਏ ਤੇ ਦੇ ਸਕਣਗੇ, ਬਿਲਡਰਾਂ ਅਤੇ ਡਿਵੈਲਪਰਾਂ ਨੂੰ ਘਰਾਂ ਦਾ ਕੰਮ ਮਿਲ ਜਾਵੇਗਾ ਅਤੇ ਰੀਅਲ ਇਸਟੇਂਟ ਏਜੇਂਟਾਂ ਨੂੰ ਘਰ ਵੇਚਣ ਦਾ ਕੰਮ ਮਿਲ ਜਾਵੇਗਾ ਪਰ ਦੇਖਣ ਦੀ ਲੋੜ ਹੈ ਕਿ ਇਸ ਨਾਲ ਪਹਿਲਾ ਘਰ ਖਰੀਦਣ ਵਾਲੇ ਨੂੰ ਕੀ ਫਾਇਦਾ ਹੋਵੇਗਾ ਜਿਸ ਦਾ ਹਰ ਵਾਰ ਢੰਡੋਰਾ ਪਿੱਟਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਪੱਲੇ ਕੁੱਝ ਨਹੀਂ ਪੈਂਦਾ?


ਭਾਵੇਂ ਕਿ ਇਹ ਸਭ ਕੁੱਝ ਪਾਠਕਾਂ ਦੇ ਹੱਥ ਵਿੱਚ ਨਹੀਂ ਹੈ ਅਤੇ ਨਾ ਹੀ ਮੇਰੇ ਹੱਥ ਵਿੱਚ ਹੈ ਪਰ ਫਿਰ ਵੀ ਇਸ ਦੀ ਜਾਣਕਾਰੀ ਹੋਣਾ ਸਭ ਵਾਸਤੇ ਜਰੂਰੀ ਹੈ l ਮੈਨੂੰ ਆਸ ਹੈ ਕਿ ਸਰਕਾਰ ਇਸ ਵੱਲ ਯੋਗ ਧਿਆਨ ਦੇਵੇਗੀ ਜਿਸ ਨਾਲ ਭਵਿੱਖ ਵਿੱਚ ਇਹ ਮਸਲੇ ਪੈਦਾ ਨਾ ਹੋਣ l


ਨੋਟ :- ਇਹ ਲੇਖ ਮੇਰੇ 22 ਸਾਲ ਦੇ ਤਜਰਬੇ ਤੇ ਅਧਾਰਤ ਹੈ l ਪ੍ਰੋਪਰਟੀ ਬਾਰੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਵਕੀਲ, ਅਕਾਉੰਟੈਂਟ ਅਤੇ ਅਥੋਰਾਇਜ਼ਡ ਫਾਇਨੈਂਸ਼ਲ ਐਡਵਾਇਜ਼ਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ l

  • -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
    ਜੱਦੀ ਪਿੰਡ ਖੁਰਦਪੁਰ (ਜਲੰਧਰ)
    006421392147