Home » ਕੈਨੇਡਾ ‘ਚ ਸਿੱਖ ਨੌਜਵਾਨਾਂ ਨੇ ਦਸਤਾਰ ਨਾਲ ਕੀਤਾ ਅਜਿਹਾ ਨੇਕ ਕੰਮ ਹੁਣ ਦੁਨੀਆ ਭਰ ‘ਚ ਚਰਚਾ….
Home Page News World World News

ਕੈਨੇਡਾ ‘ਚ ਸਿੱਖ ਨੌਜਵਾਨਾਂ ਨੇ ਦਸਤਾਰ ਨਾਲ ਕੀਤਾ ਅਜਿਹਾ ਨੇਕ ਕੰਮ ਹੁਣ ਦੁਨੀਆ ਭਰ ‘ਚ ਚਰਚਾ….

Spread the news

ਸਿੱਖ ਦੀ ਪਛਾਣ ਦਸਤਾਰ ਨਾਲ ਹੀ ਹੁੰਦੀ ਹੈ। ਦਸਤਾਰ ਜਿੱਥੇ ਸਿੱਖ ਦੀ ਸ਼ਾਨ ਦਾ ਪ੍ਰਤੀਕ ਹੈ, ਉੱਥੇ ਹੀ ਇਹ ਰੱਖਿਆ ਦਾ ਸਾਧਨ ਵੀ ਹੈ। ਅਸੀਂ ਹੁਣ ਤੱਕ ਅਨੇਕਾਂ ਵਾਰ ਸੁਣਿਆ ਹੈ ਕਿ ਸਿਰ ਉੱਪਰ ਦਸਤਾਰ ਬੰਨ੍ਹੀ ਹੋਣ ਕਰਕੇ ਕਿਸੇ ਦੀ ਜਾਨ ਬਚ ਗਈ ਪਰ ਇਸ ਦਸਤਾਰ ਨੇ ਕਈ ਵਾਰ ਦੂਜਿਆਂ ਦੀਆਂ ਵੀ ਜਾਨਾਂ ਬਚਾਈਆਂ ਹਨ।

ਇਸ ਦੀ ਤਾਜ਼ਾ ਮਿਸਾਲ ਕੈਨੇਡਾ ਵਿੱਚ ਮਿਲੀ ਹੈ ਜਿੱਥੇ ਪੰਜ ਸਿੱਖਾਂ ਨੇ ਪੱਗ ਦੀ ਸਹਾਇਤਾ ਨਾਲ ਦੋ ਵਿਅਕਤੀਆਂ ਨੂੰ ਰੁੜ੍ਹਨ ਤੋਂ ਬਚਾ ਲਿਆ। ਇਸ ਗੱਲ ਦੀ ਚਰਚਾ ਹੁਣ ਦੁਨੀਆ ਭਰ ਵਿੱਤ ਹੋ ਰਹੀ ਹੈ। ਸੋਸ਼ਲ ਮੀਡੀਆ ਉੱਪਰ ਇਨ੍ਹਾਂ ਸਿੱਖ ਨੌਜਵਾਨਾਂ ਦੀ ਖੂਬ ਪ੍ਰਸੰਸਾ ਹੋ ਰਹੀ ਹੈ। ਦਰਅਸਲ ਕੈਨੇਡਾ ਵਿੱਚ ਦੋ ਵਿਅਕਤੀ ਗੋਲਡਨ ਯੀਅਰਜ਼ ਝਰਨੇ ’ਚ ਨਹਾਉਂਦੇ ਸਮੇਂ ਤਿਲਕ ਕੇ ਚੱਟਾਨ ’ਤੇ ਡਿੱਗ ਪਏ। ਜੇਕਰ ਉਨ੍ਹਾਂ ਦੀ ਜਾਨ ਨਾ ਬਚਾਈ ਜਾਂਦੀ ਤਾਂ ਉਨ੍ਹਾਂ ਤੇਜ਼ ਵਹਾਅ ਵਾਲੇ ਦਰਿਆ ’ਚ ਰੁੜ੍ਹ ਜਾਣਾ ਸੀ।

ਮੀਡੀਆ ਰਿਪੋਰਟ ਮੁਤਾਬਕ ਕੁਲਜਿੰਦਰ ਕਿੰਦਾ ਤੇ ਉਸ ਦੇ ਚਾਰ ਦੋਸਤ ਬ੍ਰਿਟਿਸ਼ ਕੋਲੰਬੀਆ ’ਚ ਗੋਲਡਨ ਯੀਅਰਜ਼ ਪ੍ਰੋਵਿੰਸ਼ੀਅਲ ਪਾਰਕ ’ਚ ਪੈਦਲ ਯਾਤਰਾ ’ਤੇ ਸਨ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਦੋ ਵਿਅਕਤੀ ਜਾਨ ਬਚਾਉਣ ਦੀ ਫਰਿਆਦ ਕਰ ਰਹੇ ਸਨ। ਸਿੱਖਾਂ ਨੇ ਰਾਹਤ ਟੀਮ ਦੇ ਪਹੁੰਚਣ ਤੋਂ ਪਹਿਲਾਂ ਆਪਣੀ ਪਗੜੀਆਂ ਉਤਾਰ ਕੇ ਉਨ੍ਹਾਂ ਨੂੰ ਜੋੜ ਲਿਆ ਤੇ ਫਿਰ ਲੰਬੀ ਰੱਸੀ ਵਾਂਗ ਇਕ ਸਿਰਾ ਚੱਟਾਨ ’ਤੇ ਬੈਠੇ ਵਿਅਕਤੀਆਂ ਦੇ ਹੱਥ ’ਚ ਫੜਾ ਦਿੱਤਾ।

ਕਿੰਦਾ ਨੇ ਇਸ ਦੀ ਵੀਡੀਓ ਵਟਸਐਪ ’ਤੇ ਭੇਜੀ ਜਿਸ ਮਗਰੋਂ ਵਿਅਕਤੀਆਂ ਨੂੰ ਬਚਾਉਣ ਦੀ ਫੁਟੇਜ ਵਾਇਰਲ ਹੋ ਰਹੀ ਹੈ। ਉਸ ਨੇ ‘ਐੱਨਬੀਸੀ ਨਿਊਜ਼’ ਨੂੰ ਦੱਸਿਆ ਕਿ ਦੋਵੇਂ ਜਣਿਆਂ ਨੇ ਪਹਿਲਾਂ ਉਨ੍ਹਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਸੱਦਣ ਲਈ ਕਿਹਾ ਸੀ ਪਰ ਫੋਨ ਸੇਵਾ ਨਾ ਹੋਣ ਕਰਕੇ ਉਹ ਅਜਿਹਾ ਨਹੀਂ ਕਰ ਸਕੇ। ‘ਅਸੀਂ ਸਹਾਇਤਾ ਕਰਨਾ ਚਾਹੁੰਦੇ ਸੀ ਪਰ ਕੋਈ ਜੁਗਤ ਨਹੀਂ ਲੱਗ ਰਹੀ ਸੀ। ਅਸੀਂ 10 ਮਿੰਟ ਤੱਕ ਸਹਾਇਤਾ ਲਈ ਇਧਰ-ਉਧਰ ਹੱਥ-ਪੈਰ ਮਾਰੇ। ਅਖੀਰ ਅਸੀਂ ਆਪਣੀਆਂ ਪਗੜੀਆਂ ਉਤਾਰ ਕੇ ਉਨ੍ਹਾਂ ਦੀ ਜਾਨ ਬਚਾਉਣ ਦੀ ਸੋਚੀ।’

ਫੇਸਬੁੱਕ ’ਤੇ ਇਕ ਵਿਅਕਤੀ ਨੇ ਸਿੱਖਾਂ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਡਾ ਕੰਮ ਕੀਤਾ ਹੈ। ਇਕ ਹੋਰ ਨੇ ਕਿਹਾ ਕਿ ਉਹ ਜ਼ਿੰਦਗੀ ਦੇ ਅਸਲ ਨਾਇਕ ਹਨ। ਇਕ ਵਿਅਕਤੀ ਨੇ ਟਵੀਟ ਕਰਕੇ ਕਿਹਾ ਕਿ ਜਿਹੜੇ ਲੋਕ ਸਿੱਖ ਮਰਿਆਦਾ ਦਾ ਹਿੱਸਾ ਪਗੜੀ ਨੂੰ ਹਟਾਉਣ ਦੀ ਵਕਾਲਤ ਕਰਦੇ ਸਨ, ਉਨ੍ਹਾਂ ਲਈ ਇਹ ਵੱਡਾ ਸਬਕ ਹੈ ਕਿ ਕਿਵੇਂ ਉਸੇ ਪਗੜੀ ਨਾਲ ਵਿਅਕਤੀਆਂ ਨੂੰ ਬਚਾਇਆ। ਕਿੰਦਾ ਤੇ ਉਸ ਦੇ ਦੋਸਤਾਂ ਨੇ ਜਦੋਂ ਲੋਕਾਂ ਨੂੰ ਬਚਾ ਲਿਆ ਤਾਂ ਬਚਾਅ ਕਾਰਜਾਂ ਬਾਰੇ ਮੈਨੇਜਰ ਰੌਬਰਟ ਲੇਇੰਗ ਮੌਕੇ ’ਤੇ ਪਹੁੰਚਿਆ ਤੇ ਉਸ ਨੇ ਪੰਜ ਦੋਸਤਾਂ ਦੀ ਸ਼ਲਾਘਾ ਕੀਤੀ।