Home » IPL 2021: ਕੋਲਕਾਤਾ ਨੂੰ 27 ਦੌੜਾਂ ਨਾਲ ਹਰਾ ਚੇੱਨਈ ਨੇ ਚੌਥੀ ਵਾਰ ਕੀਤਾ IPL ਦੇ ਖਿਤਾਬ ‘ਤੇ ਕਬਜ਼ਾ
Home Page News India India News Sports World Sports

IPL 2021: ਕੋਲਕਾਤਾ ਨੂੰ 27 ਦੌੜਾਂ ਨਾਲ ਹਰਾ ਚੇੱਨਈ ਨੇ ਚੌਥੀ ਵਾਰ ਕੀਤਾ IPL ਦੇ ਖਿਤਾਬ ‘ਤੇ ਕਬਜ਼ਾ

Spread the news

ਚੇੱਨਈ ਸੁਪਰ ਕਿੰਗਜ਼ ਨੇ ਇੱਕ ਵਾਰ ਫਿਰ IPL ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਚੇੱਨਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾ ਕੇ ਚੌਥੀ ਵਾਰ IPL ਦੀ ਟਰਾਫੀ ਆਪਣੇ ਨਾਮ ਕੀਤੀ। ਪਿਛਲੇ ਆਈਪੀਐਲ ਵਿੱਚ CSK ਪਲੇਆਫ ਵਿੱਚ ਵੀ ਨਹੀਂ ਪਹੁੰਚ ਸਕੀ ਸੀ ਅਤੇ ਹੁਣ ਚੈਂਪੀਅਨ ਬਣ ਗਈ ਹੈ। ਚੇੱਨਈ ਤੇ ਕੋਲਕਾਤਾ ਵਿਚਾਲੇ ਖੇਡਿਆ ਗਿਆ ਇਹ ਫਾਈਨਲ ਮੁਕਾਬਲਾ ਬੇਹੱਦ ਰੋਮਾਂਚਕ ਸੀ। ਇਸ ਮੁਕਾਬਲੇ ਵਿੱਚ ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ। ਚੇੱਨਈ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 193 ਦੌੜਾਂ ਦਾ ਸ਼ਾਨਦਾਰ ਸਕੋਰ ਬਣਾਇਆ ਅਤੇ ਬਾਅਦ ਵਿੱਚ ਕੋਲਕਾਤਾ ਦੀ ਬੱਲੇਬਾਜ਼ੀ ਨੂੰ ਪੂਰੀ ਤਰ੍ਹਾਂ ਢੇਰੀ ਕਰ ਦਿੱਤਾ।ਚੇੱਨਈ ਵੱਲੋਂ ਬੱਲੇਬਾਜ਼ੀ ਕਰਦਿਆਂ ਡੂ ਪਲੇਸੀ ਨੇ ਤੀਜੇ ਓਵਰ ਵਿੱਚ ਜੀਵਨਦਾਨ ਮਿਲਣ ਤੋਂ ਬਾਅਦ ਪਾਰੀ ਦੀ ਆਖਰੀ ਗੇਂਦ ‘ਤੇ ਆਊਟ ਹੋਣ ਤੋਂ ਪਹਿਲਾਂ 59 ਗੇਂਦਾਂ ਵਿੱਚ 86 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਅਤੇ 3 ਛੱਕੇ ਸ਼ਾਮਿਲ ਹਨ। ਇਸ ਤੋਂ ਇਲਾਵਾ ਰਿਤੁਰਾਜ ਗਾਇਕਵਾੜ ਨੇ 27 ਗੇਂਦਾਂ ‘ਤੇ 32 ਦੌੜਾਂ ਦੇ ਨਾਲ ਪਹਿਲੀ ਵਿਕਟ ਲਈ 61 ਅਤੇ ਰੋਬਿਨ ਉਥੱਪਾ ਨਾਲ ਦੂਜੀ ਵਿਕਟ ਲਈ 63 ਦੌੜਾਂ ਤੇ ਮੋਇਨ ਅਲੀ ਨਾਲ ਤੀਜੇ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ।ਉੱਥੇ ਹੀ ਦੂਜੇ ਪਾਸੇ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਦਿਆਂ ਕੋਲਕਾਤਾ ਵੱਲੋਂ ਸ਼ੁਬਮਨ ਗਿੱਲ ਨੇ 43 ਗੇਂਦਾਂ ‘ਤੇ 51 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵੈਂਕਟੇਸ਼ ਅਈਅਰ ਨੇ ਪਹਿਲੀ ਵਿਕਟ ਲਈ 91 ਦੌੜਾਂ ਜੋੜ ਕੇ ਠੋਸ ਸ਼ੁਰੂਆਤ ਦਿਵਾਈ, ਪਰ ਇਸ ਤੋਂ ਬਾਅਦ ਕੋਲਕਾਤਾ ਦੀ ਟੀਮ ਨੇ 34 ਦੌੜਾਂ ਵਿੱਚ ਅੱਠ ਵਿਕਟਾਂ ਗੁਆ ਦਿੱਤੀਆਂ ।

ਦੋਨੋਂ ਸਲਾਮੀ ਬੱਲੇਬਾਜ਼ਾਂ ਤੋਂ ਇਲਾਵਾ ਹੇਠਲੇ ਕ੍ਰਮ ਵਿੱਚ ਸਿਰਫ ਸ਼ਿਵਮ ਮਾਵੀ ਨੇ 20 ਅਤੇ ਲੌਕੀ ਫਰਗੂਸਨ ਨੇ ਨਾਬਾਦ 18 ਦੌੜਾਂ ਬਣਾਈਆਂ। ਇਹ ਦੋ ਅਜਿਹੇ ਖਿਡਾਰੀ ਸਨ ਜੋ ਦੋਹਰੇ ਅੰਕਾਂ ਤੱਕ ਪਹੁੰਚੇ, ਜਿਸ ਨਾਲ ਸਿਰਫ ਹਾਰ ਦਾ ਅੰਤਰ ਹੀ ਘੱਟ ਹੋਇਆ । ਸ਼ਾਰਦੁਲ ਨੇ ਚੇੱਨਈ ਦੀ ਟੀਮ ਨੂੰ ਮੈਚ ਵਿੱਚ ਵਾਪਸੀ ਕਰਵਾਉਂਦਿਆਂ ਅਈਅਰ ਨੂੰ ਆਊਟ ਕੀਤਾ। ਸ਼ਾਰਦੁਲ ਠਾਕੁਰ ਨੇ ਇੱਕੋ ਓਵਰ ਵਿੱਚ ਦੋ ਵਿਕਟਾਂ ਲਈਆਂ। ਵੈਂਕਟੇਸ਼ ਅਈਅਰ ਤੋਂ ਬਾਅਦ ਸ਼ਾਰਦੁਲ ਨੇ ਨਿਤੀਸ਼ ਰਾਣਾ ਨੂੰ ਚਲਦਾ ਕਰ ਦਿੱਤਾ । ਦੱਸ ਦੇਈਏ ਕਿ ਚੇੱਨਈ ਸੁਪਰ ਕਿੰਗਜ਼ ਲਈ ਇਹ ਚੌਥਾ ਖਿਤਾਬ ਹੈ। ਸਾਲ 2021 ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਦੀ ਟੀਮ ਨੇ 2010, 2011, 2018 ਵਿੱਚ ਖਿਤਾਬ ਜਿੱਤਿਆ ਸੀ। ਇਹ ਖਿਤਾਬ ਚੇੱਨਈ ਲਈ ਇਸ ਲਈ ਵੀ ਖਾਸ ਹੈ ਕਿਉਂਕਿ ਪਿਛਲੇ IPL ਵਿੱਚ ਚੇੱਨਈ ਦੀ ਟੀਮ ਪਲੇਆਫ ਲਈ ਵੀ ਕੁਆਲੀਫਾਈ ਨਹੀਂ ਕਰ ਸਕੀ ਸੀ, ਪਰ ਧੋਨੀ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇਸ ਵਾਰ ਇਹ ਖਿਤਾਬ ਆਪਣੇ ਨਾਮ ਕਰ ਲਿਆ।